ਹਲਕਾ ਅਜਨਾਲਾ ਦੇ ਰਮਦਾਸ, ਘੋਨੇਵਾਲ ਤੇ ਹੋਰ ਕਈ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਬੀਜੇਪੀ ਦੇ ਹੋਰ ਆਗੂਆਂ ਨੇ ਦੌਰਾ ਕੀਤਾ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਹੜ੍ਹ ਕਾਰਨ ਲੋਕ ਬਹੁਤ ਵੱਡੇ ਸੰਕਟ ਦਾ ਸ਼ਿਕਾਰ ਹੋਏ ਹਨ, ਪਰ ਅਜੇ ਤੱਕ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ, “ਜਦੋਂ ਮੰਤਰੀ ਆਉਂਦੇ ਹਨ ਤਾਂ ਲੋਕ ਉਮੀਦ ਰੱਖਦੇ ਹਨ ਕਿ ਉਹ ਖਾਲੀ ਹੱਥ ਨਾ ਜਾਣ। ਲੋਕਾਂ ਨੂੰ ਹਕੀਕਤੀ ਮਦਦ ਦੀ ਲੋੜ ਹੈ।”
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ‘ਚ ਹੜ੍ਹ ਨਾਲ ਬਰਬਾਦ ਹੋਈ ਫਸਲਾ ਦਾ ਜਾਇਜ਼ਾ ਲਿਆ।
ਸੁਪਰੀਮ ਕੋਰਟ ਨੇ ਉੱਤਰੀ ਭਾਰਤ ‘ਚ ਹੜ੍ਹਾਂ ਤੇ ਬਾਰਿਸ਼ਾਂ ਦਾ ਨੋਟਿਸ ਲਿਆ। ਇਸ ਦੇ ਨਾਲ ਹੀ ਰਾਜਾਂ ਨੂੰ ਨੋਟਿਸ ਜਾਰੀ ਕੀਤਾ। ਸੁਪਰੀਮ ਕੋਰਟ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ‘ਚ ਹਾਲ ਹੀ ‘ਚ ਭਾਰੀ ਬਾਰਿਸ਼ਾਂ ਤੇ ਹੜ੍ਹਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਚੀਫ਼ ਜਸਟਿਸ ਬੀ.ਆਰ. ਗਵਈ ਨੇ ਕਿਹਾ ਕਿ “ਅਸੀਂ ਬਾਰਿਸ਼ਾਂ ਤੇ ਹੜ੍ਹ ਦੇਖੇ ਹਨ” ਤੇ ਇਸ ‘ਤੇ ਰਾਜਾਂ ਤੋਂ ਜਵਾਬ ਮੰਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਬੀਤੇ ਦਿਨਾਂ ਤੋਂ ਹੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ। ਉੱਥੇ ਹੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦਾ ਦੌਰਾ ਕਰਨ ਵਾਲੇ ਹਨ, ਉਹ ਸੀਐਮ ਮਾਨ ਦਾ ਪਤਾ ਲੈਣ ਲਈ ਮੁੱਖ ਮੰਤਰੀ ਰਿਹਾਇਸ਼ ‘ਤੇ ਪਹੁੰਚੇ ਹਨ।

