ਗੁਰਦੁਆਰਾ ਸੰਤਸਰ ਸਾਹਿਬ ਰਮੀਦੀ ਵਿਖੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਕੈਂਪ ਆਯੋਜਿਤ

ਢਿਲਵਾਂ (ਸ਼.ਪ.) — ਗੁਰਦੁਆਰਾ ਸੰਤਸਰ ਸਾਹਿਬ ਰਮੀਦੀ ਵਿਖੇ ਨਿਊਯਾਰਕ ਦੇ ਪ੍ਰਸਿੱਧ ਬਿਜਨੈਸਮੈਨ ਸ. ਰਘਬੀਰ ਸਿੰਘ ਸੁਭਾਨਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ World Cancer Care ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਅਤੇ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ. ਅਰਜੀਤ ਸਿੰਘ ਸੁਭਾਨਪੁਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ।

ਇਸ ਮੌਕੇ ਸ. ਅਰਜੀਤ ਸਿੰਘ ਸੁਭਾਨਪੁਰ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਪਿੰਡਾਂ ਦੇ ਲੋਕਾਂ ਨੂੰ ਛੋਟੀ ਜਿਹੀ ਬਿਮਾਰੀ ਦੇ ਇਲਾਜ ਲਈ ਵੀ ਸ਼ਹਿਰਾਂ ਦਾ ਰੁੱਖ ਕਰਨਾ ਪੈਂਦਾ ਸੀ ਅਤੇ ਘੰਟਿਆਂ ਦਾ ਸਫਰ ਤੈਅ ਕਰਨਾ ਪੈਂਦਾ ਸੀ, ਪਰ ਅੱਜ ਡਿਜ਼ਿਟਲ ਯੁੱਗ ਵਿੱਚ ਡਾਕਟਰ ਖੁਦ ਪਿੰਡਾਂ ਤੱਕ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਬਾਰੇ ਜਾਗਰੂਕ ਕਰਨਾ ਅਤੇ ਸਮੇਂ ਸਿਰ ਜਾਂਚ ਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।

ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਵੰਡੀਆਂ ਗਈਆਂ। ਪੂਰਾ ਕੈਂਪ ਨਿਸ਼ਕਾਮ ਸੇਵਾ ਦੇ ਤਹਿਤ ਬਿਨਾਂ ਕਿਸੇ ਸ਼ੁਲਕ ਦੇ ਆਯੋਜਿਤ ਕੀਤਾ ਗਿਆ।ਸ. ਰਘਬੀਰ ਸਿੰਘ ਸੁਭਾਨਪੁਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਉਹ ਆਪਣੀ ਮਿੱਟੀ ਅਤੇ ਮਾਂ ਬੋਲੀ ਨਾਲ ਜੁੜੇ ਹੋਏ ਹਨ। ਹਰ ਸਾਲ ਪੰਜਾਬ ਵਿੱਚ ਕਬੱਡੀ ਟੂਰਨਾਮੈਂਟ, ਜ਼ਰੂਰਤਮੰਦ ਪਰਿਵਾਰਾਂ ਦੇ ਵਿਆਹ ਅਤੇ ਮੈਡੀਕਲ ਕੈਂਪ ਆਦਿ ਸੇਵਾਵਾਂ ਨਿਰੰਤਰ ਜਾਰੀ ਰਹਿੰਦੀਆਂ ਹਨ ਅਤੇ ਆਗਾਮੀ ਸਮੇਂ ਵਿੱਚ ਵੀ ਇਹ ਸੇਵਾ ਭਾਵਨਾ ਜਾਰੀ ਰਹੇਗੀ।ਉਨ੍ਹਾਂ ਨੇ ਕਿਹਾ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਅਤੇ ਸਹੀ ਜਾਣਕਾਰੀ ਬਹੁਤ ਜ਼ਰੂਰੀ ਹੈ।ਇਸ ਮੌਕੇ ਹਿੰਮਤ ਸਿੰਘ, ਕੁਲਵਿੰਦਰ ਕੌਰ, ਪ੍ਰਭਜੋਤ ਕੌਰ, ਇੰਜੀਨੀਅਰ ਪਰਮਿੰਦਰ ਸਿੰਘ, ਪਰਵਿੰਦਰ ਸਿੰਘ, ਸੁਖਦੇਵ ਸਿੰਘ ਕੰਗ, ਪਲਦੀਪ ਕੌਰ ਕੰਗ ਸਮੇਤ ਹੋਰ ਗਣਮਾਨਯ ਵਿਅਕਤੀ ਮੌਜੂਦ ਸਨ।