ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਆਪ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ AAP ਵਿਧਾਇਕ ਨੂੰ ਨਾਲ ਲੈ ਕੇ ਗਈ ਹੈ। ਰਮਨ ਅਰੋੜਾ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ ਗਈ ਹੈ। ਵਿਜੀਲੈਂਸ ਨੇ MLA ਰਮਨ ਅਰੋੜਾ ਖਿਲਾਫ਼ FIR ਦਰਜ ਕਰ ਲਈ ਹੈ।
ਦੱਸ ਦੇਈਏ ਕਿ ਜਲੰਧਰ ਸੈਂਟਰਲ ਤੋਂ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਪੰਜਾਬ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਘਰ ਵਿਜੀਲੈਂਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਨਗਰ ਨਿਗਮ ਦੇ ਅਧਿਕਾਰੀ ਸੁਖਦੇਵ ਵਿਸ਼ਿਸ਼ਟ ਏਟੀਪੀ ਦੇ ਨਾਲ ਸਬੰਧਤ ਮਾਮਲੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਮਨ ਅਰੋੜਾ ਤੋਂ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਸੁਰੱਖਿਆ ਵਾਪਸ ਲਈ ਸੀ।
ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਵਿਧਾਇਕ ਖਿਲਾਫ਼ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਹੈ। ਰਮਨ ਅਰੋੜਾ ‘ਤੇ ਇਲਜ਼ਾਮ ਲੱਗ ਰਹੇ ਹਨ ਕਿ ਵਿਧਾਇਕ ਪਹਿਲਾਂ ਨਗਰ ਨਿਗਮ ਦੇ ਅਫ਼ਸਰਾਂ ਦੇ ਜ਼ਰੀਏ ਲੋਕਾਂ ਨੂੰ ਝੂਠੇ ਨੋਟਿਸ ਭਿਜਵਾਉਂਦਾ ਸੀ, ਉਪਰੰਤ ਉਹ ਲੋਕਾਂ ਤੋਂ ਪੈਸੇ ਲੈ ਕੇ ਨੋਟਿਸਾਂ ਨੂੰ ਰਫ਼ਾ-ਦਫਾ ਕਰਵਾਉਂਦਾ ਸੀ। ਛਾਪੇਮਾਰੀ ਤੋਂ ਬਾਅਦ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਨੋਟ ਗਿਣਨ ਵਾਲੀ ਮਸ਼ੀਨ ਲਿਆਂਦੀ ਗਈ ਸੀ। ਜਿਸ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

