ਹਵਾ ਪ੍ਰਦੂਸ਼ਣ ਕਾਰਨ ਬੰਦ ਕੀਤੇ ਸਕੂਲ ਕੱਲ੍ਹ ਤੋਂ ਮੁੜ ਖੁੱਲ੍ਹਣਗੇ, ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ

You are currently viewing ਹਵਾ ਪ੍ਰਦੂਸ਼ਣ ਕਾਰਨ ਬੰਦ ਕੀਤੇ ਸਕੂਲ ਕੱਲ੍ਹ ਤੋਂ ਮੁੜ ਖੁੱਲ੍ਹਣਗੇ, ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ

ਹਵਾ ਪ੍ਰਦੂਸ਼ਣ ਕਾਰਨ ਬੰਦ ਕੀਤੇ ਸਕੂਲ ਕੱਲ੍ਹ ਤੋਂ ਮੁੜ ਖੁੱਲ੍ਹਣਗੇ। ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਭਲਕੇ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਨਿਰਵਿਘਨ ਸ਼ੁਰੂ ਹੋ ਜਾਣਗੇ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਕੂਲ ਛੁੱਟੀ ਦੇਣ ਦੀ ਪਾਵਰ ਵਾਪਸ ਲੈ ਲਈ ਗਈ ਹੈ। ਜੇਕਰ ਭਵਿੱਖ ਵਿੱਚ ਅਜਿਹੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਵਿਭਾਗ ਵੱਲੋਂ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਏਅਰ ਕੁਆਲਿਟੀ ਕਮਿਸ਼ਨ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਆਮ ਤੌਰ ‘ਤੇ ਨਵੰਬਰ ਤੋਂ ਜਨਵਰੀ ਤੱਕ ਸਰਦੀਆਂ ਦੇ ਮਹੀਨਿਆਂ ਵਿੱਚ ਲੰਬੇ ਸਮੇਂ ਤੱਕ ਹਾਵੀ ਰਹਿੰਦਾ ਹੈ। ਬਹੁਤ ਮਾੜੀ AQI ਨੂੰ ਦੇਖਦੇ ਹੋਏ, GRAP ਪੜਾਅ III/IV ਨੂੰ ਇਹਨਾਂ ਮਹੀਨਿਆਂ ਦੌਰਾਨ ਲੰਬੇ ਸਮੇਂ ਲਈ ਲਾਗੂ ਕਰਨ ਦੀ ਲੋੜ ਹੈ। ਅਜਿਹੀਆਂ ਪਾਬੰਦੀਆਂ ਦਾ ਸਿੱਖਿਆ ਪ੍ਰਣਾਲੀ ਅਤੇ ਸਿੱਖਿਆ ਦੀ ਗੁਣਵੱਤਾ ‘ਤੇ ਅਸਰ ਪੈਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪ੍ਰਾਈਵੇਟ ਸਕੂਲਾਂ (private schools) ਵੱਲੋਂ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿੱਚ ਸਕੂਲ ਖੋਲ੍ਹਣ ਦੇ ਸਮੇਂ ਸਬੰਧੀ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਕਈ ਪ੍ਰਾਈਵੇਟ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰ ਕੇ ਨਿਰਧਾਰਤ ਸਮੇਂ ਤੋਂ ਪਹਿਲਾਂ ਸਕੂਲ ਖੋਲ੍ਹ ਦਿੰਦੇ ਹਨ, ਜਿਸ ਕਾਰਨ ਧੁੰਦ ਅਤੇ ਠੰਢ ਦੇ ਮੌਸਮ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਹਾਲ ਹੀ ‘ਚ ਕਈ ਥਾਵਾਂ ‘ਤੇ ਸਕੂਲੀ ਬੱਸਾਂ ਨਾਲ ਹਾਦਸਿਆਂ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਬੱਚਿਆਂ ਦੀ ਜਾਨ ਖਤਰੇ ‘ਚ ਹੈ। ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਪ੍ਰਾਈਵੇਟ ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਵੱਲੋਂ ਸਰਕਾਰੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦੀ ਹੋਵੇਗੀ। ਇਸ ਸਬੰਧੀ ਕਮਿਸ਼ਨ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਾਲ ਸੁਰੱਖਿਆ ਅਫ਼ਸਰਾਂ ਅਤੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਸਕੂਲਾਂ ਵਿੱਚ ਸਰਕਾਰੀ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।