ਅੰਮ੍ਰਿਤਸਰ,ਇੱਥੇ ਅੱਜ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨਿ ਗਡਕਰੀ ਨੇ ਲਗਪਗ 40,000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਇਹ ਮਾਰਗ ਜਲਦੀ ਮੁਕੰਮਲ ਹੋਵੇਗਾ। ਇਸ ਦੇ ਬਣਨ ਨਾਲ ਨਾ ਸਿਰਫ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਦੂਰੀ ਘਟੇਗੀ ਸਗੋਂ ਇਹ ਮਾਰਗ ਵਪਾਰਕ ਮੰਤਵ ਲਈ ਵੀ ਲਾਹੇਵੰਦ ਸਾਬਿਤ ਹੋਵੇਗਾ। ਕੇਂਦਰੀ ਮੰਤਰੀ ਨੇ ਸਭ ਤੋਂ ਪਹਿਲਾਂ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸ਼ਾਮ ਨੂੰ ਉਨ੍ਹਾਂ ਅਟਾਰੀ ਸਰਹੱਦ ’ਤੇ ਦੇਸ਼ ਦਾ ਸਭ ਤੋਂ ਉੱਚਾ ਲਗਪਗ 418 ਫੁੱਟ ਦਾ ਤਿਰੰਗਾ ਲਹਿਰਾਇਆ। ਐਕਸਪ੍ਰੈੱਸਵੇਅ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਗਡਕਰੀ ਨੇ ਦੱਸਿਆ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਲਗਪਗ 669 ਕਿੱਲੋਮੀਟਰ ਲੰਬਾ ਗਰੀਨ ਫੀਲਡ ਐਕਸਪ੍ਰੈੱਸਵੇਅ ਹੋਵੇਗਾ। ਇਸ ਦੇ ਬਣਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਵਿਚਾਲੇ ਦੂਰੀ ਘੱਟ ਜਾਵੇਗੀ ਅਤੇ ਸਿਰਫ ਚਾਰ ਘੰਟਿਆਂ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਤੈਅ ਹੋ ਸਕੇਗਾ। ਇਸੇ ਤਰ੍ਹਾਂ ਦਿੱਲੀ ਤੋਂ ਕਟੜਾ ਸਿਰਫ ਛੇ ਘੰਟਿਆਂ ਵਿੱਚ ਪਹੁੰਚਿਆ ਜਾ ਸਕੇਗਾ। ਇਸ ਵੇਲੇ ਦਿੱਲੀ ਤੋਂ ਕਟੜਾ ਦੀ ਦੂਰੀ ਲਗਪਗ 727 ਕਿਲੋਮੀਟਰ ਹੈ ਅਤੇ ਨਵਾਂ ਮਾਰਗ ਬਣਨ ਨਾਲ ਇਹ ਦੂਰੀ ਕਰੀਬ 58 ਕਿਲੋਮੀਟਰ ਘੱਟ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈੱਸਵੇਅ ਦਾ 137 ਕਿਲੋਮੀਟਰ ਦਾ ਹਿੱਸਾ ਹਰਿਆਣਾ ਵਿੱਚ ਬਣ ਰਿਹਾ ਜਦਕਿ 399 ਕਿੱਲੋਮੀਟਰ ਦਾ ਹਿੱਸਾ ਪੰਜਾਬ ਵਿੱਚ ਹੈ। ਇਸ ਵਿੱਚੋਂ 296 ਕਿਲੋਮੀਟਰ ਦੇ ਹਿੱਸੇ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜੰਮੂ ਕਸ਼ਮੀਰ ਵਿੱਚ ਇਸ ਮਾਰਗ ਦੀ ਲੰਬਾਈ 135 ਕਿੱਲੋਮੀਟਰ ਹੈ ਜਿਸ ਵਿੱਚੋਂ 120 ਕਿਲੋਮੀਟਰ ’ਚ ਕੰਮ ਚੱਲ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸੂਬੇ ਵਿੱਚ ਇਸ ਮਾਰਗ ਲਈ ਜ਼ਮੀਨ ਗ੍ਰਹਿਣ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਤਾਂ ਜੋ ਇਸ ਦੇ ਕੰਮ ਵਿੱਚ ਕੋਈ ਅੜਿੱਕਾ ਨਾ ਆਵੇ ਅਤੇ ਇਹ ਮਾਰਗ ਸਮੇਂ ਸਿਰ ਮੁਕੰਮਲ ਹੋ ਸਕੇ। ਪੰਜਾਬ ਵਿੱਚ ਇਹ ਐਕਸਪ੍ਰੈੱਸਵੇਅ ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਉਦਯੋਗਿਕ ਖੇਤਰਾਂ ਨੂੰ ਜੋੜੇਗਾ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪੰਜਾਬ ਵਿੱਚ 29,000 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਗਰੀਨ ਫੀਲਡ ਅਤੇ ਆਰਥਿਕ ਲਾਂਘੇ ਬਣ ਰਹੇ ਹਨ ਜੋ ਕਿ ਵਪਾਰਕ ਮੰਤਵ ਲਈ ਪੰਜਾਬ ਵਾਸਤੇ ਵਧੇਰੇ ਲਾਹੇਵੰਦ ਸਾਬਿਤ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮਾਰਗ ਤਹਿਤ ਬਿਆਸ ਨਦੀ ’ਤੇ ਏਸ਼ੀਆ ਦਾ ਸਭ ਤੋਂ ਲੰਬਾ 1300 ਮੀਟਰ ਦਾ ਕੇਬਲ ਸਟੇਅ ਬ੍ਰਿਜ ਬਣੇਗਾ, ਜਿਸ ’ਤੇ ਇੱਕ ਮਿਊਜ਼ੀਅਮ ਵੀ ਬਣਾਇਆ ਜਾਵੇਗਾ ਅਤੇ ਇਸ ਵਿੱਚ ਪੰਜਾਬ ਤੇ ਸਿੱਖ ਧਰਮ ਦੀ ਵਿਰਾਸਤ ਦਰਸਾਈ ਜਾਵੇਗੀ।
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਵਪਾਰਕ ਮੰਤਵ ਲਈ ਲਾਹੇਵੰਦ ਹੋਵੇਗਾ
