ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਪੰਜਾਬ ਬਾਰੇ ਦਿੱਤੇ ਬਿਆਨ ‘ਤੇ ਪਲਟਵਾਰ ਕੀਤਾ । ਪਾਰਟੀ ਨੇ ਕਿਹਾ ਕਿ ਯੋਗੀ ਅਦਿੱਤਿਆਨਾਥ ਨੂੰ ਪੰਜਾਬ ਦੀ ਚਿੰਤਾ ਕਰਨੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਪਹਿਲਾਂ ਆਪਣੀ ਕੁਰਸੀ ਬਚਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਮੱਧ ਪ੍ਰਦੇਸ਼ ‘ਚ ਸ਼ਿਵਰਾਜ ਸਿੰਘ ਅਤੇ ਰਾਜਸਥਾਨ ‘ਚ ਵਸੁੰਧਰਾ ਰਾਜੇ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਹੁਣ ਉਨ੍ਹਾਂ ਦਾ ਹੀ ਨੰਬਰ ਲੱਗਣ ਵਾਲਾ ਹੈ। ਪਾਰਟੀ ਨੇ ਕਿਹਾ ਕਿ ਜੇਕਰ ਯੋਗੀ ਅਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ‘ਚ ਐਨਾ ਚੰਗਾ ਕੰਮ ਕੀਤਾ ਹੈ ਤਾਂ ਉਨ੍ਹਾਂ ਦੀ ਕੁਰਸੀ ਖ਼ਤਰੇ ‘ਚ ਕਿਉਂ ਹੈ? ਦਰਅਸਲ ਯੂਪੀ ਦੇ ਲੋਕ ਯੋਗੀ ਸਰਕਾਰ ਦੇ ਕੰਮਕਾਜ ਤੋਂ ਕਾਫ਼ੀ ਨਾਰਾਜ਼ ਹਨ। ਇਸ ਲਈ ਯੂਪੀ ਵਿੱਚ ਰਾਜਪੂਤ ਮਹਾਂ ਪੰਚਾਇਤਾਂ ਹੋ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਭਾਰਤੀ ਜਨਤਾ ਪਾਰਟੀ ਦਾ ਲੋਕਾਂ ਵੱਲੋਂ ਬਾਈਕਾਟ ਕੀਤਾ ਜਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਜੇਕਰ ਯੋਗੀ ਅਦਿੱਤਿਆਨਾਥ ਨੂੰ ਅਪਰਾਧ (ਕ੍ਰਾਈਮ) ਦੀ ਐਨੀ ਹੀ ਚਿੰਤਾ ਹੈ ਤਾਂ ਉਹ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਬਲਾਤਕਾਰ ਦੇ ਮਾਮਲੇ ਅਤੇ ਭਾਰਤ ਦੀਆਂ ਮਹਿਲਾ ਪਹਿਲਵਾਨਾਂ ਵੱਲੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਚੁੱਪ ਕਿਉਂ ਰਹੇ?
ਯੋਗੀ ਆਪਣੀ ਕੁਰਸੀ ਬਚਾਉਣ ‘ਤੇ ਧਿਆਨ ਦੇਣ, ਸ਼ਿਵਰਾਜ ਸਿੰਘ ਤੇ ਵਸੁੰਧਰਾ ਰਾਜੇ ਤੋਂ ਬਾਅਦ ਹੁਣ ਉਨ੍ਹਾਂ ਦੀ ਵਾਰੀ ਹੈ
