ਪੰਜਾਬ ਅਤੇ ਚੰਡੀਗੜ੍ਹ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਭਲਕੇ ਪਹਿਲੀ ਜੁਲਾਈ ਤੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋ ਰਹੀਆਂ ਹਨ ਅਤੇ ਸਕੂਲ ਖੁੱਲ੍ਹ ਰਹੇ ਹਨ। ਇਕ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨ ਪੰਜਾਬ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ਵਿਚ ਮੌਸਮ ਠੰਢਾ ਹੋਣ ਵਾਲਾ ਹੈ ਅਤੇ ਅਜਿਹੇ ਗਰਮੀਆਂ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਗਰਮੀਆਂ ਦੀਆਂ ਛੁੱਟੀਆਂ ਅੱਜ 30 ਜੂਨ ਨੂੰ ਖਤਮ ਹੋ ਰਹੀਆਂ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਸੂਬੇ ਦੇ ਸਾਰੇ ਸਕੂਲ 1 ਜੁਲਾਈ ਤੋਂ ਆਪਣੇ ਨਿਰਧਾਰਤ ਸਮੇਂ ਉਤੇ ਮੁੜ ਖੁੱਲ੍ਹਣੇ ਹਨ। ਹਾਲਾਂਕਿ ਕਈ ਸਕੂਲਾਂ ਵੱਲੋਂ ਬੱਚਿਆਂ ਨੂੰ ਸਕੂਲ ਆਉਣ ਲਈ ਨੋਟੀਫਿਕੇਸ਼ਨ ਵੀ ਭੇਜੇ ਜਾ ਰਹੇ ਹਨ।
ਇਸ ਵਿਚਾਲੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵੱਲੋਂ ਨੋਟਿਸ ਜਾਰੀ ਕਰਕੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਕੂਲ ਮੁਖੀ, ਇੰਚਾਰਜ ਅਤੇ ਹੈੱਡ ਮਾਸਟਰਾਂ ਨੂੰ ਸਕੂਲਾਂ ਵਿੱਚ ਸਫਾਈ ਦਾ ਪ੍ਰਬੰਧ ਕਰਨ ਸਬੰਧੀ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇਨ੍ਹਾਂ ਹੁਕਮਾਂ/ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
- 1 ਜੁਲਾਈ ਤੋਂ ਪਹਿਲਾਂ-ਪਹਿਲਾਂ ਸਕੂਲ ਦੇ ਸਾਰੇ ਕਮਰਿਆਂ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕਰਵਾਈ ਜਾਵੇ।
- ਪੀਣ ਵਾਲੇ ਪਾਣੀ ਦੀ ਟੈਂਕੀ ਦੀ ਸਾਫ-ਸਫਾਈ ਕਰਵਾਈ ਜਾਵੇ।
- ਸਕੂਲ ਦੇ ਗਰਾਊਂਡ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕਰਵਾਈ ਜਾਵੇ।
- ਆਗਾਮੀ ਹੋਣ ਵਾਲੀਆਂ ਖੇਡਾਂ ਲਈ ਗਰਾਊਂਡ ਤਿਆਰ ਕਰਕੇ ਬੱਚਿਆਂ ਨੂੰ ਖੇਡਾਂ ਸਬੰਧੀ ਤਿਆਰੀ ਕਰਵਾਉਣੀ ਲਾਜਮੀ ਬਣਾਈ ਜਾਵੇ।
ਇਧਰ, ਪੰਜਾਬ ਵਿਚ ਮੀਂਹ ਨੂੰ ਲੈ ਕੇ ਐਤਵਾਰ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ 30 ਜੂਨ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 2-3 ਦਿਨਾਂ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ ‘ਚ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ।